ਫਰੰਟ ਲਾਈਨ (ਰਮੇਸ਼ ਕੁਮਾਰ) ਜ਼ਿਲਾ ਜਲੰਧਰ ਦੀ ਫਿਲੌਰ ਪੁਲਿਸ ਨੇ ਟੋਲ ਪਲਾਜ਼ਾ ਦੇ ਮੈਨੇਜਰ ਨਾਲ ਲੁੱਟ-ਖੋਹ ਕਰਨ ਵਾਲੇ 4 ਦੋਸ਼ੀਆਂ ਨੂੰ 15,34,500 ਰੁਪਏ ਸਮੇਤ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਕੋਲੋਂ 500 ਗ੍ਰਾਮ ਨਸ਼ੀਲਾ ਪਾਊਡਰ, 30 ਨਸ਼ੀਲੇ ਟੀਕੇ, 1 ਦਾਤਰ ਅਤੇ ਇਕ ਪਲੈਟੀਨਾ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਦੱਸ ਦੇਈਏ ਕਿ ਲਾਡੋਵਾਲ ਟੋਲ ਪਲਾਜ਼ਾ ਦੇ ਮੈਨੇਜਰ ਦੀ ਕਾਰ ਨੂੰ ਕੁੱਝ ਲੁਟੇਰਿਆਂ ਨੇ ਘੇਰ ਲਿਆ ਅਤੇ ਉਸ ਕੋਲੋਂ ਕਰੀਬ 23 ਲੱਖ 50 ਹਜ਼ਾਰ ਰੁਪਏ ਦੀ ਨਕਦੀ ਖੋਹ ਕੇ ਫਰਾਰ ਹੋ ਗਏ ਸੀ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਜਲੰਧਰ ਦੇ ਐਸਐਸਪੀ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ 24 ਜੁਲਾਈ ਨੂੰ ਟੋਲ ਪਲਾਜ਼ਾ ਦੇ ਮੈਨੇਜਰ ਨਾਲ 23 ਲੱਖ 50 ਹਜ਼ਾਰ ਦੀ ਲੁੱਟ ਦੀ ਵਾਰਦਾਤ ਹੋਈ ਸੀ। ਜਿਸ ‘ਚ ਮਾਸਟਰਮਾਈਂਡ ਵਿਪਨ ਕੁਮਾਰ ਸੀ, ਜੋ ਪਹਿਲਾਂ ਇਸ ਟੋਲ ਪਲਾਜ਼ਾ ‘ਤੇ ਐਂਬੂਲੈਂਸ ਚਲਾਉਂਦਾ ਸੀ।
ਉਸ ਨੂੰ ਪਤਾ ਸੀ ਕਿ ਟੋਲ ਪਲਾਜ਼ਾ ‘ਤੇ ਕੈਸ਼ ਕਦੋਂ ਅਤੇ ਕਿਵੇਂ ਬੈਂਕ ‘ਚ ਜਮ੍ਹਾ ਹੋਣ ਲਈ ਜਾਂਦਾ ਸੀ। ਜਿਸ ਤੋਂ ਬਾਅਦ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਹ ਪੂਰੀ ਯੋਜਨਾ ਬਣਾਈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਮਨਪ੍ਰੀਤ, ਗੁਰਜੀਤ ਸਿੰਘ, ਵਿਪਨ ਕੁਮਾਰ, ਧਰਮਿੰਦਰ ਵਜੋਂ ਹੋਈ ਹੈ। ਗੁਰਪ੍ਰੀਤ ਗੋਪੀ ਅਜੇ ਫਰਾਰ ਹੈ।
